1. ਐਗਰੀਮਨੀ (Agromony)

 

1. ਐਗਰੀਮਨੀ

(Agromony)


ਜੀਵਨ ਵਿਚ ਫੁੱਲਾਂ ਦੀ ਬਹੁਤ ਮੱਹਤਤਾ ਹੈ। ਫੁੱਲ ਸ਼ਰਧਾ ਵਜੋਂ ਚੜ੍ਹਾਏ ਜਾਂਦੇ ਹਨ, ਸਨਮਾਨ ਵਜੋਂ ਬਰਸਾਏ ਜਾਂਦੇ ਹਨ ਤੇ ਜੀ ਆਇਆਂ ਕਹਿਣ ਲਈ ਭੇਂਟ ਕੀਤੇ ਜਾਂਦੇ ਹਨ। ਪਰ ਮਨੁੱਖਤਾ ਨੂੰ ਇਹਨਾਂ ਦੀ ਭੇਂਟ ਦਾ ਸਭ ਤੋਂ ਮਹਤੱਵਪੂਰਣ ਢੰਗ ਡਾ: ਐਡਵਾਰਡ ਬੈਚ ਨੇ ਸੁਝਾਇਆ ਹੈ। ਉਸ ਨੇ ਇਹਨਾਂ ਰਾਹੀਂ ਮੱਨੁਖੀ ਮਨ ਦੀਆਂ ਉਹਨਾਂ ਡੂੰਘਾਈਆਂ ਤੀਕਰ ਪਹੁੰਚ ਕੀਤੀ ਹੈ ਜਿੱਥੇ ਉਂਜ ਕੋਈ ਨਹੀਂ ਪਹੁੰਚ ਸਕਦਾ। ਇਹੀ ਨਹੀਂ ਉਸ ਨੇ ਮੱਨੁਖੀ ਆਤਮਾ ਦੀ ਤਹਿ ਅੰਦਰ ਜਾ ਕੇ ਇਸ ਵਿਚ ਭਰੀਆਂ ਕਮੀਆਂ ਤੇ ਕਮਜ਼ੋਰੀਆਂ ਦੀ ਸਫਾਈ ਕਰਨ ਦਾ ਵੀ ਸਰਲ ਰਾਹ ਦੱਸਿਆ ਹੈ। ਪਰ ਉਸ ਦੀ ਇਸ ਖੋਜ ਦਾ ਲਾਭ ਦੁਨੀਆਂ ਦੇ ਇਕ ਪ੍ਰਤੀਸ਼ਤ ਲੋਕ ਵੀ ਨਹੀਂ ਉਠਾ ਰਹੇ ਹੋਣਗੇ ਕਿਉਂਕਿ ਇਸ ਬਾਰੇ ਕਿਸੇ ਨੂੰ ਬਹੁਤਾ ਪਤਾ ਹੀ ਨਹੀਂ ਹੈ। ਗੁਰਬਾਣੀ ਦੀ ਤੁਕ, ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ। ਦੇ ਅਨੁਸਾਰ ਇਹ ਫੁੱਲ ਚਿੱਕਿਤਸਾ ਵੀ ਉਪਲਭਦ ਤਾਂ ਸਭ ਲਈ ਬਰਾਬਰ ਹੈ ਪਰ ਇਸ ਨੂੰ ਪ੍ਰਾਪਤ ਕਰਨ ਦਾ ਮੌਕਾ ਕੁਝ ਇਕ ਨੂੰ ਹੀ ਮਿਲਿਆ ਹੈ। ਪੜ੍ਹਦੇ ਲਿਖਦੇ ਤਾਂ ਸਾਰੇ ਹੀ ਹਨ ਪਰ ਬਹੁਤ ਘਟ ਪਾਠਕਾਂ, ਲੇਖਕਾਂ, ਬੁੱਧੀਜੀਵੀਆਂ ਤੇ ਆਮ ਲੋਕਾਂ ਨੇ ਬੈਚ ਫੁੱਲਾਂ ਬਾਰੇ ਪੜ੍ਹਿਆ ਹੈ। ਇਸੇ ਲਈ ਵਿਦਿਆ ਪੜਾਈ ਦੀਆਂ ਸ਼ਕਤੀਆਂ ਨਾਲ ਲੈਸ, ਸਿਹਤਮੰਦੀ ਦੀਆਂ ਬਰੂਹਾਂ ਤੇ ਖੜ੍ਹੇ ਹੋਏ ਵੀ ਉਹਨਾਂ ਵਿਚੋਂ ਬਹੁਤ ਸਾਰੇ ਦੁੱਖਾਂ ਤਕਲੀਫਾਂ ਤੇ ਸੁਭਾਵਿਕ ਕਮਜ਼ੋਰੀਆਂ ਨਾਲ ਜੂਝ ਰਹੇ ਹੁੰਦੇ ਹਨ। ਉਹਨਾਂ ਨੂੰ ਆਪਾ ਸੰਭਾਲ ਵਲ ਧਿਆਨ ਦੇਣ ਲਈ ਬੈਚ ਫੁੱਲਾਂ ਦਾ ਅਧਿਐਨ ਇਕ ਬਹੁਤ ਹੀ ਦਿਲਚਸਪ ਤੇ ਲਾਭਦਾਇਕ ਵਿਸ਼ਾ ਸਾਬਤ ਹੋ ਸਕਦਾ ਹੈ। ਇਸ ਨੂੰ ਜਾਣਨ ਲਈ ਮੈਡੀਕਲ ਸਿਖਿਆ ਦੀ ਵੀ ਬਹੁਤੀ ਲੋੜ ਨਹੀਂ ਹੈ ਕਿਉਂਕਿ ਡਾ: ਬੈਚ ਨੇ ਇਸ ਨੂੰ ਬਹੁਤ ਹੀ ਸਰਲ ਬਣਾ ਕੇ ਆਮ ਆਦਮੀ ਲਈ ਪੇਸ਼ ਕੀਤਾ ਹੈ। ਇਸ ਸਰਲ ਪਧਤੀ ਦੀ ਮੁੱਢਲੀ ਜਾਣ ਪਹਿਚਾਣ ਕਰਵਾਉਣ ਲਈ ਸਭ ਤੋਂ ਪਹਿਲਾਂ ਬੈਚ ਦੇ ਅਠੱਤੀਆਂ ਵਿਚੋਂ ਪਹਿਲੇ ਫੁੱਲ ਐਗਰੀਮਨੀ (Agrimony) ਬਾਰੇ ਚਰਚਾ ਕਰਦੇ ਹਾਂ।
        ਬੂਟਾ-ਵਿਗਿਆਨ ਅਨੁਸਾਰ ਐਗਰੀਮਨੀ ਫੁੱਲ ਦੇ ਪੌਦੇ ਦਾ ਨਾਂ ਐਗਰੀਮੋਨੀਆ ਯੂਪਾਟੋਰੀਆ ਹੈ। ਇਹ ਫੁੱਲ ਮਨੁੱਖੀ ਆਤਮਾ ਦੇ ਇਕ ਅਜਿਹੇ ਦਵੰਧ ਦਾ ਨਿਵਾਰਣ ਕਰਦਾ ਹੈ ਜਿਸ ਕਾਰਣ ਕਈ ਵਾਰ ਮੱਨੁਖ ਇਕ ਪਾਸੇ ਕਾਇਰ ਜਾਪਦਾ ਹੈ ਤੇ ਦੂਜੇ ਪਾਸੇ ਡਰਾਮੇਬਾਜ। ਅਜਿਹੇ ਲੋਕ ਅਕਸਰ ਹੀ ਦੇਖਣ ਵਿਚ ਆਉਂਦੇ ਹਨ ਜੋ ਨਿਹਾਇਤ ਹੀ ਸ਼ਰੀਫ ਹੁੰਦੇ ਹਨ। ਉਹ ਕਦੇ ਗੁੱਸੇ ਵਿਚ ਨਹੀਂ ਆਉਂਦੇ ਤੇ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ। ਉਹ ਚੰਗੀ ਬੋਲੀ ਬੋਲਣ ਵਾਲੇ ਤੇ ਮਿਲਣਸਾਰ ਵਿਅਕਤੀ ਹੁੰਦੇ ਹਨ। ਉਹ ਕਿਸੇ ਨਾਲ ਬਹਿਸ ਕਰਨਾ ਪਸੰਦ ਨਹੀਂ ਕਰਦੇ ਤੇ ਜੇ ਕਿਤੇ ਬਹਿਸ ਦਾ ਕੋਈ ਵਿਸ਼ਾ ਸੁਰੂ ਹੋਣ ਵਾਲਾ ਹੋਵੇ ਤਾਂ ਉਥੋਂ ਬਚ ਨਿਕਲਦੇ ਹਨ। ਉਹ ਇੰਨੇ ਸੋਹਲ ਹੁੰਦੇ ਹਨ ਕਿ ਆਪਣਾ ਹੱਕ ਮੰਗਣ ਲਈ ਵੀ ਮੂੰਹ ਨਹੀਂ ਖੋਹਲਦੇ। ਆਪ ਅਨਿਆਇ ਜਰ ਲੈਣਗੇ ਪਰ ਅਗੋਂ ਇਕ ਸ਼ਬਦ ਨਹੀਂ ਕਹਿਣਗੇ। ਜੇ ਕਦੇ ਕੁਝ ਮਜਬੂਰੀ ਵਸ ਕਹਿਣਾ ਹੀ ਪੈ ਜਾਵੇ ਤਾਂ ਟੇਢਾ ਤੇ ਵਿਅੰਗਆਤਮਿਕ ਰਸਤਾ ਅਪਨਾਉਂਦੇ ਹਨ। ਉਹਨਾਂ ਨੂੰ ਡਰ ਹੁੰਦਾ ਹੈ ਕਿ ਅਗਲਾ ਵਿਅਕਤੀ ਕਿਤੇ ਗੁੱਸਾ ਕਰਕੇ ਗਲ ਹੀ ਨਾ ਪੈ ਜਾਵੇ। ਉਹ ਕਿਸੇ ਨਾਲ ਖਹਿਬੜਦੇ ਨਹੀਂ, ਇਥੋਂ ਤੀਕਰ ਕਿ ਬਾਜ਼ਾਰ ਵਿਚ ਦੁਕਾਨਦਾਰ ਨਾਲ ਭਾਅ ਵੀ ਤੈਅ ਨਹੀਂ ਕਰ ਸਕਦੇ। ਸੰਗਾਊ ਹੋਣ ਕਰਕੇ ਕਈ ਵਾਰ ਤਾਂ ਉਹ ਬਾਹਰ ਵੀ ਨਹੀਂ ਨਿਕਲਦੇ। ਉਹ ਦੁਨਿਆਵੀ ਕੰਮਾਂ ਵਿਚ ਪੈਣ ਦਾ ਹੌਸਲਾ ਨਹੀਂ ਕਰਦੇ, ਜੇ ਕਰਨ ਤਾਂ ਅਸਫਲ ਹੋ ਕੇ ਨਿਬੜਦੇ ਹਨ। ਇਹ ਲੋਕ ਸ਼ਾਂਤੀ ਪਸੰਦ ਹੁੰਦੇ ਹਨ ਤੇ ਸ਼ਾਂਤੀ ਦੇ ਹੀ ਸੋਹਲੇ ਗਾਉਂਦੇ ਹਨ। ਉਹਨਾਂ ਨੂੰ ਕੇਵਲ ਆਪਣੇ ਮਨ ਦੀ ਸ਼ਾਂਤੀ ਦੀ ਫਿਕਰ ਹੁੰਦੀ ਹੈ ਤੇ ਇਸ ਅੱਗੇ ਦੁਨੀਆਂ ਦੀਆਂ ਸਭ ਵਸਤਾਂ ਤੁੱਛ ਲਗਦੀਆਂ ਹਨ। ਇਸ ਲਈ ਜੇ ਉਹ ਕਿਸੇ ਨਾਲ ਝਗੜ ਵੀ ਪੈਣ ਤਾਂ ਛੇਤੀ ਦੋਸਤੀ ਕਰ ਲੈਂਦੇ ਹਨ। ਕਈ ਲੋਕ ਉਹਨਾਂ ਦੇ ਨਰਮ ਸੁਭਾਅ ਕਾਰਣ ਉਹਨਾਂ ਨੂੰ ਡਰੂ ਜਾਂ ਡਰਪੋਕ ਵੀ ਆਖਦੇ ਹਨ। ਪਰ ਉਹਨਾਂ ਦੇ ਅੰਦਰ ਦੀ ਸੱਮਸਿਆ ਕੋਈ ਨਹੀਂ ਸਮਝਦਾ ਕਿਉਂਕਿ ਉਹ ਕਿਸੇ ਨੂੰ ਦੱਸਦੇ ਹੀ ਨਹੀਂ। 
        ਅਜਿਹੇ ਵਿਅਕਤੀਆਂ ਦੇ ਸੁਭਾਅ ਦਾ ਦੂਜਾ ਪਹਿਲੂ ਇਹ ਹੈ ਕਿ ਉਹ ਦੂਜਿਆਂ ਪ੍ਰਤੀ ਸੁਹਿਰਦ ਹੁੰਦੇ ਹਨ। ਜਿੱਥੇ ਉਹ ਆਪਣੇ ਕੋਮਲ ਹਿਰਦੇ ਦਾ ਬਚਾਉ ਰੱਖਦੇ ਹਨ ਉੱਥੇ ਉਹ ਦੂਜਿਆਂ ਦੇ ਮਨ ਨੂੰ ਵੀ ਠੇਸ ਨਹੀਂ ਪਹੁੰਚਾਉਂਣਾ ਚਾਹੁੰਦੇ। ਉਹ ਨਾ ਦੂਜਿਆਂ ਦਾ ਦਿੱਤਾ ਗਮ ਲੈਂਦੇ ਹਨ ਤੇ ਨਾ ਦੂਜਿਆਂ ਨੂੰ ਕੋਈ ਗਮ ਦੇਂਦੇ ਹਨ। ਉਹ ਆਜ਼ਾਦ ਵਿਚਰਨਾ ਚਾਹੁੰਦੇ ਹਨ। ਇਸ ਲਈ ਅਜਿਹੇ ਵਿਅਕਤੀ ਸਮਾਜ ਵਿਚ ਇੱਕਲੇ ਹੋ ਜਾਦੇ ਹਨ ਤੇ ਆਪਣੇ ਆਪ ਨੂੰ ਸਮਝਦੇ ਵੀ ਇੱਕਲਾ ਹੀ ਹਨ। ਜਦੋਂ ਵੀ ਉਹਨਾਂ ਨੂੰ ਕੋਈ ਬਿਮਾਰੀ ਆਵੇ ਜਾਂ ਕੋਈ ਹੋਰ ਤਕਲੀਫ ਹੋ ਜਾਵੇ ਤਾਂ ਉਹ ਇਸ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਦੇ ਭਾਵ ਕਰ ਨਹੀਂ ਸਕਦੇ। ਉਹ ਇਸ ਗੱਲੋਂ ਵੀ ਬਚਦੇ ਰਹਿੰਦੇ ਹਨ ਕਿ ਕਿਤੇ ਕੋਈ ਉਹਨਾਂ ਨੂੰ ਉਹਨਾਂ ਦੇ ਦੁਖ ਬਾਰੇ ਪੁੱਛ ਨਾ ਲਵੇ। ਇਸ ਲਈ ਉਹ ਪਹਿਲਾਂ ਤੋਂ ਹੀ ਆਪਣੇ ਰਾਜੀ ਖੁਸ਼ੀ ਲੱਗਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਉਂ ਕਹੋ ਕਿ ਉਹ ਆਪਣੇ ਅੰਦਰੂਨੀ ਦੁਖ ਉੱਤੇ ਮਨਸੂਈ ਮੁਸਕਾਨ ਦਾ ਪਰਦਾ ਪਾ ਕੇ ਰੱਖਦੇ ਹਨ ਤਾਂ ਜੋ ਦੇਖਣ ਵਾਲੇ ਉਨ੍ਹਾਂ ਨੂੰ ਚੰਗਾ ਭਲਾ ਸਮਝਣ। ਜੇ ਕੋਈ ਫਿਰ ਵੀ ਉਹਨਾਂ ਦੇ ਅੰਦਰ ਦੀ ਪੀੜਾ ਨੂੰ ਟੋਹਣ ਦੀ ਕੋਸ਼ਿਸ ਕਰਦਾ ਹੋਇਆ ਕੁਝ ਪੁੱਛ ਹੀ ਲਵੇ ਤਾਂ ਉਹ ਉਸ ਨੂੰ ਹਾਸੇ ਮਜ਼ਾਕ ਨਾਲ ਟਾਲ ਦਿੰਦੇ ਹਨ। ਉਹ ਆਪਣੇ ਦੁਆਲੇ ਇਕ ਇਸ ਤਰ੍ਹਾਂ ਦੀ ਤਿਲਕਣ ਪੈਦਾ ਕਰ ਲੈਂਦੇ ਹਨ ਕਿ ਪੁੱਛਣ ਵਾਲਾ ਇਸ ਤੋਂ ਫਿਸਲ ਕੇ ਕਿਤੇ ਹੋਰ ਜਾ ਡਿਗੇ। ਇਸ ਕੰਮ ਲਈ ਉਹ ਚੁਟਕਲੇ, ਮਸਖਰੀਆਂ ਤੇ ਹਲਕੀਆਂ ਫੁਲਕੀਆਂ ਟਿੱਚਰਾਂ ਦਾ ਸਹਾਰਾ ਵੀ ਲੈਂਦੇ ਹਨ। ਇਸ ਤਰ੍ਹਾਂ ਦੀ ਸਮਾਜਿਕ ਦਿੱਖ ਉਹਨਾਂ ਨੂੰ ਆਪਣੀ ਇਕਾਂਤਵਾਸ ਦੀ ਤੜਪਾਹਟ ਨੂੰ ਦੂਰ ਕਰਨ ਲਈ ਵੀ ਚਾਹੀਦੀ ਹੁੰਦੀ ਹੈ।
        ਇਹ ਵਿਅਕਤੀ ਆਪਣੀਆਂ ਦੁਖਾਂ, ਦਰਦਾਂ, ਬਿਮਾਰੀਆਂ ਤੇ ਕਮਜ਼ੋਰੀਆਂ ਕਾਰਣ ਅੰਦਰੋਂ ਇੰਨੇ ਟੁੱਟ ਚੁੱਕੇ ਹੁੰਦੇ ਹਨ ਕਿ ਇਹਨਾਂ ਦੇ ਅੰਦਰ ਭਰਿਆ ਦਰਦ ਇਹਨਾਂ ਨੂੰ ਸੌਣ ਨਹੀਂ ਦਿੰਦਾ। ਉਹ ਇਸ ਬਾਰੇ ਸੋਚਦੇ ਤੇ ਝੂਰਦੇ ਰਹਿੰਦੇ ਹਨ। ਦਿਨ ਤਾਂ ਫਿਰ ਵੀ ਨਿਕਲ ਜਾਂਦਾ ਹੈ ਪਰ ਰਾਤ ਨਹੀਂ ਕਟਦੀ। ਰਾਤ ਭਰ ਇਹ ਪਾਸੇ ਮਾਰਦੇ ਰਹਿੰਦੇ ਹਨ ਪਰ ਇਹਨਾਂ ਦੇ ਮਨ ਦੀ ਤੜਪ ਨੀਂਦ ਨੂੰ ਨੇੜੇ ਨਹੀਂ ਲੱਗਣ ਦਿੰਦੀ। ਰਾਤ ਦੀ ਬੇਚੈਨੀ ਦੇ ਬਾਵਜ਼ੂਦ ਵੀ ਇਹ ਸਵੇਰੇ ਉੱਠ ਕੇ ਫਿਰ ਹਾਸੇ ਦਾ ਮਖੌਟ ਪਹਿਨ ਲੈਂਦੇ ਹਨ। ਕਈ ਵਾਰ ਤਾਂ ਇਹ ਦਿਨੇ ਵੀ ਚਾਦਰ ਲੈ ਕੇ ਪੈ ਜਾਂਦੇ ਹਨ ਤੇ ਸੌਣ ਦੇ ਪੱਜ ਰੋਣ ਲਗ ਪੈਂਦੇ ਹਨ। ਫਿਰ ਵੀ ਇਹਨਾਂ ਦੀ ਜਰਨ ਸ਼ਕਤੀ ਅੱਤਿ ਦੀ ਹੁੰਦੀ ਹੈ। ਕੋਈ ਕੁਝ ਵੀ ਕਹੇ ਦਿਲ ਦਾ ਦਰਦ ਜੁਬਾਨ ਤੀਕਰ ਨਹੀਂ ਲਿਆਉਂਦੇ। ਜਦੋਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਉਹ ਕਿਸੇ ਨਸ਼ੇ ਪੱਤੇ ਦਾ ਸਹਾਰਾ ਲੈਣ ਲਗ ਪੈਂਦੇ ਹਨ। ਇਸ ਤਰ੍ਹਾਂ ਦੀਆਂ ਅਸਹਿ ਮਾਨਸਿਕ ਪੀੜਾਂ ਦੇ ਮਰੀਜ਼ ਵਧੇਰੇ ਕਰਕੇ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ। ਉਹ ਸਮਝਦੇ ਹਨ ਕਿ ਨਸ਼ਾ ਕਰਕੇ ਉਹਨਾਂ ਦੇ ਅਹਿਸਾਸ ਸੁਖਾਲੇ ਹੋ ਜਾਦੇ ਹਨ। ਅਜਿਹੇ ਲੋਕ ਜੇ ਐਗਰੀਮਨੀ ਦੀਆਂ ਕੁਝ ਖੁਰਾਕਾਂ ਕੁਝ ਦਿਨ ਲੈ ਲੈਣ ਤਾਂ ਨਾ ਕੇਵਲ ਉਹ ਆਪਣੇ ਸੁਭਾਅ ਦੀ ਨਿਖੇਧਾਤਮਿਕ ਸਥਿਤੀ ਤੋਂ ਬਾਹਰ ਹੀ ਨਿਕਲ ਆਉਣਗੇ ਸਗੋਂ ਉਹਨਾਂ ਦੀ ਅੰਦਰੂਨੀ ਤਕਲੀਫ ਵੀ ਦੂਰ ਹੋ ਜਾਵੇਗੀ। ਇਸ ਨਾਲ ਹੀ ਉਨ੍ਹਾਂ ਦੀ ਨਸ਼ੇ ਦੀ ਆਦਤ ਵੀ ਅਲੋਪ ਹੋ ਜਾਵੇਗੀ। ਉਹਨਾਂ ਨੂੰ ਆਪਣਾ ਦੁਖ ਬਿਆਨ ਕਰਨਾ ਆ ਜਾਵੇਗਾ ਤੇ ਉਹ ਆਪਣੇ ਅੰਦਰ ਦੀ ਘੁਟਣ ਤੋਂ ਮੁਕਤ ਹੋ ਜਾਣਗੇ।
          ਇਸ ਤੱਥ ਦੀ ਪੁਸ਼ਟੀ ਵਿਚ ਅਨੇਕਾਂ ਕੇਸ ਬਿਆਨ ਕੀਤੇ ਜਾ ਸਕਦੇ ਹਨ। ਪਰ ਇੱਥੇ ਇਕ ਹਾਲ ਦੀ ਹੀ ਘਟਨਾ ਦਾ ਵਰਨਣ ਕਰਦਾ ਹਾਂ ਜੋ ਕੁਝ ਵਿਅਕਤੀਗਤ ਵੇਰਵਿਆਂ ਨੂੰ ਛੱਡ ਕੇ ਬਿਲਕੁਲ ਸੱਚੀ ਹੈ। ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਇਕ ਬੀਬੀ ਦਾ ਫੋਨ ਆਇਆ। ਕਹਿਣ ਲੱਗੀ, ਮੈਨੂੰ ਕਿਸੇ ਨੇ ਤੁਹਾਡਾ ਫੋਨ ਨੰਬਰ ਦਿੱਤਾ ਹੈ। ਕੀ ਤੁਸੀਂ ਨਸ਼ਾ ਛੱਡਣ ਦੀ ਦਵਾਈ ਵੀ ਦਿੰਦੇ ਹੋ? ਅਜਿਹੇ ਫੋਨ ਨਸ਼ੇੜੀ ਵਿਅਕਤੀਆਂ ਦੇ ਪਰਿਵਾਰਾਂ ਵਲੋਂ ਅਕਸਰ ਹੀ ਆਉਂਦੇ ਰਹਿੰਦੇ ਹਨ। ਮੈਂ ਪੁੱਛਿਆ, ਨਸ਼ਾ ਕੌਣ ਕਰਦਾ ਹੈ? ਉਸ ਨੇ ਉੱਤਰ ਦਿੱਤਾ, ਮੇਰਾ ਭਰਾ ਕਰਦਾ ਹੈ ਜੀ। ਮੇਰਾ ਇਕੋ ਇਕ ਭਰਾ ਹੈ, ਮੇਰੇ ਨਾਲੋਂ ਛੋਟਾ ਹੈ। ਚਾਰ ਪੰਜ ਸਾਲ ਪਹਿਲਾਂ ਇੰਡੀਆ ਬਾਹਰਵੀਂ ਪੜ੍ਹਦੇ ਨੂੰ ਹਟਾ ਕੇ ਇੱਥੇ ਲੈ ਆਏ ਸਾਂ। ਇੱਥੇ ਆ ਕੇ ਉਸ ਦਾ ਜੀਅ ਨਾ ਲੱਗਿਆ ਤੇ ਕਾਫੀ ਦੇਰ ਘਰੋਂ ਬਾਹਰ ਨਹੀਂ ਨਿਕਲਿਆ। ਸਕੂਲ ਨਾ ਜਾਣ ਕਰਕੇ ਅੱਗੇ ਤਾਂ ਉਹ ਪੜ੍ਹ ਨਹੀਂ ਸਕਿਆ ਪਰ ਸਾਡੇ ਜੋਰ ਪਾਉਣ ਤੇ ਟਰਕ ਡਰਾਈਵਰ ਬਣ ਗਿਆ। ਹੁਣ ਸਾਡੇ ਦੇਖਣ ਸੁਣਨ ਵਿਚ ਆਇਆ ਹੈ ਕਿ ਉਹ ਸ਼ਰਾਬ ਪੀਂਦਾ ਹੈ। ਬਾਈ ਤੇਈ ਸਾਲ ਦੀ ਉਮਰ ਹੈ, ਵਿਆਹ ਵੀ ਹਾਲੇ ਉਸ ਦਾ ਕਰਨਾ ਹੈ। ਸ਼ਰਾਬ ਪੀਣ ਵਾਲੇ ਨੂੰ ਕਿਹਨੇ ਲੜਕੀ ਦੇਣੀ ਹੈ? ਤੁਸੀਂ ਉਸ ਦਾ ਇਲਾਜ਼ ਕਰੋ।
        ਹੋਮਿਉਪੈਥੀ ਵਿਚ ਸਰਾਬ ਦੀ ਆਦਤ ਵਾਲਿਆਂ ਲਈ ਕਈ ਦਵਾਈਆਂ ਹਨ ਪਰ ਸਭ ਅਲਾਮਤਾਂ ਅਨੁਸਾਰ ਨਿਰਧਾਰਤ ਹੁੰਦੀਆਂ ਹਨ। ਲੜਕੀ ਨਾਲ ਗੱਲ ਕਰਦਿਆਂ ਉਹ ਸਾਰੀਆਂ ਦਵਾਈਆਂ ਮੇਰੇ ਦਿਮਾਗ਼ ਵਿਚ ਘੁੰਮ ਗਈਆਂ ਪਰ ਕੋਈ ਠੋਸ ਅਲਾਮਤ ਸਾਹਮਣੇ ਨਾ ਹੋਣ ਕਰਕੇ ਸਭ ਵਿਸਰ ਗਈਆਂ। ਸੋਚਿਆ ਮਰੀਜ਼ ਸਾਹਮਣੇ ਹੋਣ ਤੇ ਹੀ ਕੋਈ ਹੱਲ ਨਿਕਲ ਸਕਦਾ ਹੈ। ਇਸ ਲਈ ਮੈ ਉਸ ਲੜਕੀ ਨੂੰ ਕਿਹਾ,ਬੀਬਾ ਜੀ, ਤੁਹਾਨੂੰ ਆਪਣੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ। ਉਹ ਅਗੋਂ ਬੋਲੀ, ਅਸੀਂ ਉਸ ਨੂੰ ਇਸ ਕੰਮ ਲਈ ਤੁਹਾਡੇ ਕੋਲ ਨਹੀਂ ਲਿਆ ਸਕਦੇ। ਡਾਕਟਰ ਕੋਲ ਜਾਣ ਤੋਂ ਉਹ ਅੜ ਜਾਂਦਾ ਹੈ। ਸਾਡੇ ਸਾਹਮਣੇ ਤਾਂ ਉਹ ਮੰਨਦਾ ਹੀ ਨਹੀਂ ਕਿ ਉਹ ਪੀਦਾ ਹੈ। ਜੇ ਅਸੀਂ ਦਵਾਈ ਦੁਆਉਣ ਦੀ ਗੱਲ ਕਰਦੇ ਹਾਂ ਤਾਂ ਅਗੋਂ ਆਖਦਾ ਹੈ, ਕੀ ਹੋਇਐ ਮੈਨੂੰ ਜੋ ਤੁਸੀ ਖਹਾਮਖਾਹ ਦਵਾਈ ਲੈਣ ਨੂੰ ਕਹਿੰਦੇ ਰਹਿੰਦੇ ਹੋ? ਪਰ ਸਾਨੂੰ ਪਤਾ ਹੈ ਕਿ ਉਹ ਪੀਂਦਾ ਹੈ ਜਰੂਰ। ਹੁਣ ਅਸੀਂ ਕਹਿ ਕਹਾ ਕੇ ਉਸ ਨੂੰ ਤੁਹਾਡੇ ਕੋਲ ਭੇਜਣ ਦੀ ਕੋਸ਼ਿਸ਼ ਕਰਾਂਗੇ। ਜੇ ਮੰਨ ਗਿਆ ਉਹ ਤੁਹਾਡੇ ਕੋਲ ਇੱਕਲਾ ਹੀ ਆਵੇਗਾ। ਉਸ ਨਾਲ ਨਸ਼ੇ ਬਾਰੇ ਕੋਈ ਗੱਲ ਨਹੀਂ ਕਰਨੀ ਨਹੀਂ ਤਾਂ ਉਹ ਫਿਰ ਸਾਡੇ ਆਖੇ ਵੀ ਨਹੀਂ ਲਗੇਗਾ। ਉਹ ਕੋਈ ਵੀ ਤਕਲੀਫ ਦੱਸੇ ਦਵਾਈ ਤੁਸੀਂ ਸ਼ਰਾਬ ਦੀ ਹੀ ਦੇਣਾ। ਮੈਂ ਉਸ ਨੂੰ ਵਿਸਵਾਸ਼ ਦਿਵਾਉਂਦਿਆਂ ਕਿਹਾ,ਕਿਸੇ ਨੂੰ ਉਹਲੇ ਨਾਲ ਦਵਾਈ ਦੇਣਾ ਗਲਤ ਹੈ। ਪਰ ਮੈਂ ਉਸ ਨਾਲ ਆਪਣੇ ਢੰਗ ਨਾਲ ਗੱਲ ਕਰਾਂਗਾ। ਤੁਸੀਂ ਮੇਰੇ ਕੋਲ ਭੇਜੇ ਉਸਨੂੰ।
        ਅਗਲੇ ਦਿਨ ਬਾਦ ਦੁਪਹਿਰ ਮੇਰੇ ਕੋਲ ਪੰਝੀ ਕੁ ਸਾਲ ਦਾ ਇਕ ਉਚੇਰੇ ਕੱਦ ਤੇ ਬੇਬਾਕ ਦਿੱਖ ਵਾਲਾ ਨੌਜਵਾਨ ਆਇਆ। ਉਸ ਦਾ ਫੈਲਿਆ ਹੋਇਆ ਚਿਹਰਾ ਤੇ ਅੱਧ-ਖੁਲ੍ਹੇ ਹੋਂਠ ਇਸ ਤਰ੍ਹਾਂ ਦਾ ਅਭਾਸ ਦੇ ਰਹੇ ਸਨ ਜਿਵੇਂ ਉਹ ਹੁਣੇ ਹੁਣੇ ਕਿਸੇ ਨਾਲ ਹੱਸ ਕੇ ਹਟਿਆ ਹੋਵੇ। ਉਸੇ ਮੁਦਰਾ ਵਿਚ ਉਸ ਨੇ ਮੈਨੂੰ ਸਤਿ ਸ੍ਰੀ ਆਕਾਲ ਬੁਲਾਈ ਤੇ ਬੋਲਿਆ, ਮੈਂ ਅਮਰਜੀਤ, ਮੇਰੇ ਬਾਰੇ ਤੁਹਾਨੂੰ ਮੇਰੀ ਭੈਣ ਨੇ ਫੋਨ ਕੀਤਾ ਸੀ। ਮੈਂ ਉਸ ਨੂੰ ਉਸੇ ਦੇ ਅੰਦਾਜ਼ ਵਿਚ ਕਿਹਾ, ਵਾਹ ਕਾਕਾ ਅਮਰਜੀਤ, ਕੀ ਹਾਲ ਹੈ ਤੇਰਾ, ਤੇਰੀ ਭੈਣ ਕਿੱਦਾਂ ਐਂ? ਸਭ ਠੀਕ ਠਾਕ, ਕਹਿ ਕੇ ਉਹ ਬੈਠ ਗਿਆ। ਮੈਂ ਗੱਲ ਸ਼ੁਰੂ ਕਰਦਿਆਂ ਕਿਹਾ, ਸੁਣਾ ਫਿਰ ਕਿਵੇਂ ਆਉਣਾ ਹੋਇਆ ਅੱਜ? ਉਹ ਉਸੇ ਬੇਗਰਜ਼ ਲਹਿਜੇ ਵਿਚ ਬੋਲਿਆ, ਮੇਰੀ ਭੈਣ ਨੇ ਸਾਰਾ ਕੁਝ ਦੱਸ ਤਾਂ ਦਿੱਤਾ ਹੈ ਤੁਹਾਨੂੰ, ਬਸ ਉਹੀ ਕੁਝ ਹੈ। ਮੈਂ ਕਿਹਾ, ਤੇਰੀ ਭੈਣ ਨੇ ਦੱਸਿਆ ਸੀ ਉਹ ਤੈਨੂੰ ਮੇਰੇ ਕੋਲ ਭੇਜ ਰਹੀ ਹੈ। ਬਾਕੀ ਗੱਲ ਤੂੰ ਆਪ ਦੱਸਣੀ ਹੈ। ਉਹ ਵਿਰੋਧ ਭਾਵ ਵਿਚ ਬੋਲਿਆ, ਮੈਨੂੰ ਤਾਂ ਕੁਝ ਨਹੀਂ ਹੋਇਆ, ਬਸ ਘਰ ਦਿਆਂ ਨੂੰ ਫਿਕਰ ਲੱਗਿਆ ਰਹਿੰਦਾ ਹੈ ਮੈਂਨੂੰ ਡਾਕਟਰ ਕੋਲ ਭੇਜਣ ਦਾ। ਮੈਂ ਪੁਛਿੱਆ, ਕੋਈ ਕਾਰਣ ਤਾਂ ਹੋਵੇਗਾ ਉਹਨਾਂ ਦੇ ਫਿਕਰਮੰਦੀ ਦਾ? ਉਹ ਬੋਲਿਆ, ਬੱਸ ਸ਼ੱਕ ਕਰਦੇ ਰਹਿੰਦੇ ਹਨ ਕਿ ਮੈਂ ਸ਼ਰਾਬ ਪੀਂਦਾ ਹਾਂ ਤੇ ਨਸ਼ੇ ਕਰਦਾ ਹਾਂ। ਕਿੱਥੇ ਕਰਦਾ ਹਾਂ ਮੈਂ ਨਸ਼ੇ? ਕਿੰਨੀ ਵਾਰ ਦੱਸ ਚੁੱਕਿਆ ਹਾਂ, ਵਿਸਵਾਸ ਹੀ ਨਹੀਂ ਕਰਦੇ। ਮੈਂ ਘੋਖ ਕੇ ਪੁੱਛਿਆ, ਹੋ ਸਕਦਾ ਹੈ ਤੂੰ ਇਕ ਅਧੀ ਵਾਰ ਪੀਤੀ ਹੋਵੇ ਤੇ ਉਹਨਾਂ ਨੂੰ ਉਹ ਵੀ ਚੰਗਾ ਨਾ ਲੱਗਿਆ ਹੋਵੇ। ਪਰ ਉਹ ਨਕਾਰਦਾ ਹੋਇਆ ਬੋਲਿਆ, ਇਕ ਅੱਧੀ ਵਾਰ ਦਾ ਕੀ ਹੁੰਦਾ ਹੈ, ਇੱਦਾਂ ਤਾ ਸਾਰੇ ਹੀ ਪੀਂਦੇ ਐ। ਉਸ ਦੀ ਗੱਲ ਨੂੰ ਉੱਥੇ ਹੀ ਛੱਡਦਿਆਂ ਮੈਂ ਪੁੱਛਿਆ, ਫਿਰ ਹੁਣ ਕੀ ਕਰੀਏ? ਉਹ ਬੋਲਿਆ, ਕਰਨਾ ਕੀ ਹੈ, ਤੁਸੀਂ ਦਵਾਈ ਦੇ ਦੋ ਜਿਵੇਂ ਉਹਨਾਂ ਨੇ ਕਿਹਾ ਹੈ। ਮੈਂ ਤਾਂ ਰਾਜੀ ਖੁਸ਼ੀ ਹਾਂ ਹੀ, ਉਹ ਵੀ ਖੁਸ਼ ਹੋ ਜਾਣਗੇ। ਮੈਂਨੂੰ ਉਸ ਦੀ ਖੁਸ਼ੀ ਦੇ ਪ੍ਰਗਟਾਵੇ ਉਹਲੇ ਇਕ ਟਾਲ ਵੱਟਦਾ ਅਧੀਰ ਜਿਹਾ ਆਦਮੀ ਬੋਲਦਾ ਨਜ਼ਰ ਆਇਆ ਜਿਸ ਵਿਚ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਹੋਵੇ। ਮੈਂ ਉਸ ਨੂੰ ਐਗਰੀਮਨੀ ਫੁੱਲ ਤੋਂ ਤਿਆਰ ਕੀਤੀ ਦਵਾਈ ਦੀਆਂ ਤੀਹ ਖੁਰਾਕਾਂ ਦੇ ਕੇ ਇਕ ਹਰ ਰੋਜ਼ ਲੈਣ ਦੀ ਤੇ ਮਹੀਨੇ ਬਾਦ ਫਿਰ ਆਉਣ ਦੀ ਤਾਕੀਦ ਕਰਦਿਆਂ ਵਿਦਾ ਕਰ ਦਿੱਤਾ।
        ਇਕ ਮਹੀਨੇ ਬਾਦ ਉਸ ਦਾ ਫੋਨ ਆਇਆ, ਅੰਕਲ ਜੀ ਮੈਂ ਅਮਰਜੀਤ ਆਂ। ਮੈਂ ਪਹਿਚਾਣਿਆ ਨਹੀਂ ਇਸ ਲਈ ਪੁੱਛਿਆ, ਕਿਹੜਾ ਅਮਰਜੀਤ? ਉਸ ਨੇ ਉੱਤਰ ਦਿੱਤਾ, ਓਹੀ ਜਿਸ ਦੀ ਭੈਣ ਨੇ ਸ਼ਰਾਬ ਦੀ ਦਵਾਈ ਲੈਣ ਲਈ ਤੁਹਾਡੇ ਸੀ ਕੋਲ ਭੇਜਿਆ। ਮੈਂ ਯਾਦ ਕਰਦਿਆਂ ਕਿਹਾ, ਕਾਕਾ ਅਮਰਜੀਤ ਕੀ ਹਾਲ ਹੈ ਤੇਰਾ? ਉਹ ਬੋਲਿਆ, ਅੰਕਲ ਜੀ ਤੁਹਾਡੀ ਤੁਹਾਡੀ ਦਵਾਈ ਬਹੁਤ ਵਧੀਆ ਸੀ। ਪਰ ਮੇਰੇ ਕੋਲੋਂ ਅੱਧੀ ਖਰਾਬ ਹੋ ਗਈ। ਹੋਰ ਲੈਣੀ ਐ। ਮੈਂ ਪੁੱਛਿਆ, ਵਧੀਆ ਕਿਵੇਂ ਸੀ, ਕੋਈ ਭਲਾ ਕੀਤਾ ਉਸ ਨੇ ਤੈਨੂੰ? ਉਹ ਬੋਲਿਆ, ਜਿਵੇਂ ਕਈ ਦਵਾਈਆਂ ਗਰਮ ਹੁੰਦੀਆਂ ਨੇ, ਇਹ ਠੰਡੀ ਸੀ। ਕੋਈ ਨੁਕਸਾਨ ਨਹੀਂ ਕੀਤਾ ਸਗੋਂ ਮਨ ਨੂੰ ਠੰਡਕ ਦਿੱਤੀ। ਮੈਂ ਕਿਹਾ, ਠੰਡਕ ਹੀ ਦਿੱਤੀ, ਕਿ ਕੁਝ ਆਰਾਮ ਵੀ ਕੀਤਾ? ਉਹ ਬੋਲਿਆ, ਅੰਕਲ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਟਾਈਮ ਹੈ ਤੁਹਾਡੇ ਕੋਲ? ਮੈਂ ਕਿਹਾ, ਮੇਰੇ ਕੋਲ ਤਾਂ ਬਹੁਤ ਟਾਈਮ ਹੈ ਤੂੰ ਕਹਿ ਜੋ ਕਹਿਣਾ ਹੈ। ਉਹ ਦੱਸਣ ਲੱਗਿਆ, ਅੰਕਲ ਜੀ, ਦਰ-ਅਸਲ ਮੈਂ ਸ਼ਰਾਬ ਤਾਂ ਘਟ ਪੀਂਦਾ ਹਾਂ, ਭੰਗ ਵਧੇਰੇ ਪੀਂਦਾ ਹਾਂ। ਮੈਂ ਟੱਰਕ ਚਲਾਉਂਦਾ ਹਾਂ। ਜਦੋਂ ਬਾਹਰ ਗਿਆ ਰਹਿੰਦਾ ਹਾਂ ਇਕ ਵਾਰ ਵੀ ਨਹੀਂ ਪੀਂਦਾ। ਹਫਤਾ ਭਰ ਯਾਦ ਵੀ ਨਹੀਂ ਆਉਂਦੀ। ਪਰ ਜਦੋਂ ਘਰ ਆਉਂਦਾ ਹਾਂ, ਹਾਲੇ ਰਾਹ ਵਿਚ ਹੀ ਹੁੰਦਾ ਹਾਂ ਕਿ ਸ਼ਰੀਰ ਟੁੱਟਣ ਲਗ ਪੈਂਦਾ ਹੈ। ਫਿਰ ਨਹੀਂ ਰਹਿ ਹੁੰਦਾ। ਫਿਰ ਤਾਂ ਜਿੰਨੇ ਦਿਨ ਘਰ ਰਹਿੰਦਾ ਹਾਂ ਦਿਨ ਰਾਤ ਪੀਈ ਜਾਂਦਾ ਹਾਂ। ਵਿਚੇ ਸ਼ਰਾਬ ਲਈ ਜਾਂਦਾ ਹਾਂ। ਬੱਸ ਪੀਈ ਜਾਂਦਾ ਹਾਂ ਤੇ ਉਲਟੀਆਂ ਕਰੀ ਜਾਂਦਾ ਹੈ। ਬੰਦ ਕਰਦਾ ਹਾਂ ਤਾਂ ਹੈਂਗ ਆਉਟ ਸੌਰੀ ਹੈਂਗ ਓਵਰ ਹੋ ਜਾਂਦਾ ਹੈ। ਅੰਕਲ ਜੀ ਮੈਂ ਤੰਗ ਹਾਂ। ਇਹ ਕੋਈ ਜਿੰਦਗੀ ਹੈ, ਸਾਰਾ ਦਿਨ ਉਲਟੀਆਂ ਨਾਲ ਭਰੇ ਕੱਪੜੇ ਭਰੇ ਰਹਿੰਦੇ ਹਨ। ਪਲੀਜ਼ ਮੈਨੂੰ ਇਸ ਵਿਚੋਂ ਕੱਢੋ। ਦੱਸੋ ਮੈਂ ਕਦੋਂ ਆਵਾਂ? ਮੈਂ ਉਸ ਨੂੰ ਅਗਲੇ ਦਿਨ ਆਉਣ ਦਾ ਸਮਾਂ ਦੇ ਦਿੱਤਾ।
        ਉਸ ਦੇ ਕੇਸ ਦਾ ਨਿਰੀਖਣ ਕਰਦਿਆਂ ਮੈਂ ਸੋਚਿਆ, ਐਗਰੀਮਨੀ ਨੇ ਆਪਣਾ ਕੰਮ ਕਰ ਦਿੱਤਾ ਹੈ। ਇਕ ਆਦਮੀ ਜੋ ਮਹੀਨਾ ਪਹਿਲਾਂ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਹ ਸ਼ਰਾਬ ਪੀਂਦਾ ਹੈ, ਇਸ ਫੁਲ-ਦਵਾਈ ਦੀਆਂ ਕੁਝ ਖੁਰਾਕਾਂ ਨੇ ਹੀ ਉਸ ਤੋਂ ਨਾ ਕੇਵਲ ਸ਼ਰਾਬ ਪੀਣ ਦਾ ਇਕਬਾਲ ਕਰਵਾ ਲਿਆ ਸਗੋਂ ਇਕ ਛਿਪੇ ਨਸ਼ੇ ਭੰਗ ਦਾ ਵੀ ਸੱਚ ਉਗਲਵਾ ਲਿਆ। ਵੱਡੀ ਗੱਲ ਇਹ ਕਿ ਉਸ ਦੀ ਆਤਮਾ ਹੁਣ ਨਿਰਮਲ ਹੋ ਗਈ ਹੈ ਤੇ ਹੁਣ ਉਹ ਇਹਨਾਂ ਨਸ਼ਿਆਂ ਨੂੰ ਲਾਹਣਤ ਸਮਝ ਕੇ ਇਹਨਾਂ ਨੂੰ ਗਲੋਂ ਲਾਹੁਣਾ ਚਾਹੁੰਦਾ ਹੈ। ਜਦੋਂ ਕੋਈ ਕਿਸੇ ਚੀਜ਼ ਨੂੰ ਗੰਦੀ ਸਮਝ ਕੇ ਉਸ ਤੋਂ ਛੁਟਕਾਰਾ ਪਾਉਣਾ ਚਾਹੇ, ਉਸ ਲਈ ਐਗਰੀਮਨੀ ਨਹੀਂ, ਇਕ ਹੋਰ ਬੈਚ ਦਵਾਈ ਹੁੰਦੀ ਹੈ ਜੋ ਮੈਂ ਉਸ ਨੂੰ ਆਏ ਨੂੰ ਦੇਣ ਦਾ ਮਨ ਬਣਾਇਆ।
        ਇਸ ਲਈ ਐਗਰੀਮਨੀ ਬੈਚ ਰੈਮਡੀ ਉਹਨਾਂ ਲਈ ਹੈ ਜੋ ਕਿਸੇ ਦੇ ਮੱਥੇ ਲੱਗਣ ਤੋਂ ਸ਼ਰਮਾਉਂਦੇ ਹਨ, ਬਹਿਸ ਵਿਚ ਪੈਣ ਤੋਂ ਭੱਜਦੇ ਹਨ ਤੇ ਤੂੰ ਤੂੰ ਮੈਂ ਮੈਂ ਕਰਨ ਤੋਂ ਡਰਦੇ ਹਨ। ਉਹ ਕਿਸੇ ਲਫੜੇ ਵਿਚ ਪੈ ਕੇ ਆਪਣੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਦੇ ਭਾਵੇਂ ਕਿ ਉਹਨਾਂ ਨੂੰ ਇਸ ਵਿਚੋਂ ਕੋਈ ਲਾਭ ਹੀ ਕਿਉਂ ਨਾ ਹੁੰਦਾ ਹੋਵੇ। ਉਹ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਖੁਸ਼ਮਿਜਾਜ਼ ਬਣੇ ਰਹਿੰਦੇ ਹਨ। ਡਾ: ਵੀ ਕ੍ਰੀਸ਼ਨਾਮੂਰਤੀ ਇਸ ਦਵਾਈ ਬਾਰੇ ਜਿਕਰ ਕਰਦੇ ਲਿਖਦੇ ਹਨ, ਜਦੋਂ ਤੁਹਾਨੂੰ ਆਪਣੇ ਹੱਕ ਲਈ ਬਹਿਸ ਕਰਨਾ, ਝਗੜਨਾ ਜਾਂ ਲੜਨਾ ਪਵੇ; ਜਦੋਂ ਤੁਹਾਨੂੰ ਆਪਣੀ ਰਕਮ ਬਰਾਮਦ ਕਰਨ ਲਈ ਥਾਣੇ ਜਾਂ ਕਚਹਿਰੀ ਦਾ ਰਾਹ ਅਖਤਿਆਰ ਕਰਨਾ ਪਵੇ; ਜਦੋਂ ਤੁਹਾਨੂੰ ਕਿਸੇ ਅੱਗੇ ਇਹ ਫਰਿਆਦ ਕਰਨੀ ਪਵੇ ਕਿ ਉਹ ਕਿਸੇ ਦੂਜੇ ਆਦਮੀ ਨੂੰ ਕਹੇ ਕਿ ਉਹ ਤੁਹਾਨੂੰ ਤੰਗ ਨਾ ਕਰੇ; ਜਦੋਂ ਤੁਹਾਨੂੰ ਕਿਸੇ ਲਾਭਕਾਰੀ ਕਾਰਜ ਵਿਚ ਜੱਦੋ ਜਹਿਦ ਕਰਨੀ ਪਵੇ ਅਤੇ ਜਦੋਂ ਤੁਹਾਨੂੰ ਆਪਣੇ ਅਨੁਸਾਰ ਕੰਮ ਕਰਨ ਲਈ ਕਿਸੇ ਨਾਲ ਮੱਥਾ ਲਾਉਣਾ ਪਵੇ, ਤਾਂ ਤੁਸੀਂ ਇਸ ਦਵਾਈ ਦੀਆਂ ਇਕ ਇਕ ਗੋਲੀ ਦੀਆਂ ਪੰਜ ਤੋਂ ਦਸ ਖੁਰਾਕਾਂ ਅੱਧੇ ਅੱਧੇ ਘੰਟੇ ਬਾਦ ਲਵੋ। ਇੱਦਾਂ ਕਰਨ ਨਾਲ ਹੀ ਤੁਹਾਨੂੰ ਬੈਚ ਫਲਾਵਰ ਦਵਾਈਆਂ ਦੀ ਉਹ ਸਕਤੀ ਸਮਝ ਆ ਜਾਵੇਗੀ ਜੋ ਸਾਰੀਆਂ ਕਿਤਾਬਾਂ ਪੜ੍ਹਨ ਨਾਲ ਨਹੀਂ ਆ ਸਕਦੀ। ਐਗਰੀਮਨੀ ਵਕੀਲਾਂ ਤੇ ਦਲਾਲਾਂ, ਟੀਵੀ ਐਂਕਰਾਂ ਤੇ ਸਕਿਉਰਿਟੀ ਕਰਮਚਾਰੀਆਂ ਦਾ ਟਾਨਿਕ ਹੈ। ਐਗਰੀਮਨੀ ਉਹਨਾਂ ਲਈ ਵੀ ਵਰਦਾਨ ਹੈ ਜੋ ਆਪਣੇ ਉਦਗਾਰਾਂ ਨੂੰ ਦਬਾਉਣ ਤੇ ਆਪਣੀਆਂ ਚਿੰਤਾਵਾਂ ਨੂੰ ਛੁਪਾਉਣ ਲਈ ਦਾਰੂ ਦਾ ਸਹਾਰਾ ਲੈਂਦੇ ਹਨ।
        ਉਪ੍ਰੋਕਤ ਬਿਰਤਾਂਤ ਤੋਂ ਕਈ ਪਾਠਕ ਇਹ ਸਮਝ ਸਕਦੇ ਹਨ ਕਿ ਐਗਰੀਮਨੀ ਸ਼ਰਾਬ ਛੁਡਾਉਣ ਦੀ ਦਵਾਈ ਹੈ। ਪਰ ਅਜਿਹਾ ਬਿਲਕੁਲ ਨਹੀਂ ਹੈ। ਇਹ ਤਾਂ ਵਿਅਕਤੀ ਦੇ ਸੁਭਾਅ ਦੀ ਉਸ ਊਣਤਾਈ ਨੂੰ ਦੂਰ ਕਰਦੀ ਹੈ ਜਿਸ ਕਾਰਣ ਉਹ ਆਪ ਵਿਚ ਹੀ ਸਿਮਟਿਆ ਰਹਿਣ ਕਰ ਕੇ ਖੁਲ੍ਹਦਾ ਨਹੀਂ ਤੇ ਆਪਣੀ ਘੁਟਣ ਦੂਜਿਆਂ ਨਾਲ ਸਾਂਝਾ ਨਹੀਂ ਕਰਦਾ। ਫਿਰ ਚਾਹੇ ਉਸ ਨੂੰ ਕੋਈ ਵੀ ਸ਼ਰੀਰਕ ਜਾਂ ਮਾਨਸਿਕ ਰੋਗ ਹੋਵੇ ਉਹ ਵੀ ਇਸ ਦੇ ਸੇਵਨ ਨਾਲ ਦੂਰ ਹੋ ਜਾਵੇਗਾ। ਇਸ ਤਰ੍ਹਾਂ ਇਹ ਸ਼ਰਾਬ ਦਾ ਨਸ਼ਾ ਕਰਨ ਵਾਲਿਆਂ ਨੂੰ ਤਾਂ ਠੀਕ ਕਰਦੀ ਹੈ ਪਰ ਇਸ ਨਾਲ ਉਹੀ ਨਸ਼ੇੜੀ ਠੀਕ ਹੋਣਗੇ ਜੋ ਗਮ ਭੁਲਾਉਣ ਲਈ ਪੀਂਦੇ ਹਨ। ਜੇ ਕੋਈ ਸ਼ਰਾਬ ਨੂੰ ਟਾਨਿਕ ਸਮਝ ਕੇ ਪੀਂਦਾ ਹੈ; ਸਮਾਜਕ ਔਕਾਤ ਦਿਖਾਉਣ ਲਈ ਪੀਂਦਾ ਹੈ; ਕਮਜ਼ੋਰੀ ਦੂਰ ਕਰਨ ਲਈ ਪੀਂਦਾ ਹੈ, ਸ਼ੌਕ ਪੂਰਾ ਕਰਨ ਲਈ ਪੀਂਦਾ ਹੈ ਜਾਂ ਹੌਸਲਾ ਵਧਾਉਣ ਲਈ ਪੀਂਦਾ ਹੈ, ਉਹ ਇਸ ਦਵਾਈ ਨਾਲ ਠੀਕ ਨਹੀਂ ਹੋ ਸਕਦਾ। ਅਜਿਹੀਆਂ ਮਾਨਸਿਕਤਾਵਾਂ ਦੇ ਇਲਾਜ਼ ਲਈ ਹੋਰ ਦਵਾਈਆਂ ਹਨ।
        ਐਗਰੀਮਨੀ ਸਕੂਲਾਂ ਕਾਲਜਾਂ ਵਿਚ ਜਾਂਦੇ ਉਹਨਾਂ ਨੌਜਵਾਨਾਂ ਲਈ ਬੜੀ ਉਪਯੋਗੀ ਸਿੱਧ ਹੋ ਸਕਦੀ ਹੈ ਜੋ ਬਾਹਰ ਜਾ ਕੇ ਕੋਈ ਨਸ਼ਾ ਕਰ ਲੈਂਦੇ ਹਨ ਤੇ ਘਰ ਆ ਕੇ ਦੱਸਦੇ ਨਹੀਂ। ਸਮੇਂ ਸਿਰ ਦੇਣ ਨਾਲ ਇਹ ਉਹਨਾਂ ਵਿਚ ਗਲਤ ਗੱਲਾਂ ਛੁਪਾਉਣ ਦੀ ਪ੍ਰਵਿਰਤੀ ਉੱਭਰਨ ਹੀ ਨਹੀਂ ਦੇਵੇਗੀ ਤੇ ਜੇ ਉੱਭਰ ਪਵੇ ਤਾਂ ਉਸ ਨੂੰ ਭਲੀ ਭਾਂਤਿ ਸੰਭਾਲ ਲਵੇਗੀ। ਇਸ ਨਾਲ ਸਬੰਧਤ ਜੇ ਉਹਨਾਂ ਦੀ ਪੜਾਈ ਲਿਖਾਈ ਦੀ ਕੋਈ ਸੱਮਸਿਆ ਹੋਵੇ, ਉਹ ਵੀ ਹੱਲ ਹੋ ਜਾਵੇਗੀ।
        ਬੈਚ ਫਲਾਵਰ ਦਵਾਈਆਂ ਦੀ ਤਾਸੀਰ ਨੂੰ ਯਾਦ ਰੱਖਣ ਲਈ ਹੋਮਿਓਪੈਥ ਅਕਸਰ ਕੋਈ ਨਾ ਕੋਈ ਆਕਰਸ਼ਕ ਫਿਕਰਾ ਘੜ੍ਹ ਲੈਂਦੇ ਹਨ ਜੋ ਉਹਨਾਂ ਦੀਆਂ ਪ੍ਰਵਿਰਤੀਆਂ ਦੀ ਤਰਜਮਾਨੀ ਕਰਦਾ ਹੋਵੇ। ਐਗਰੀਮਨੀ ਨੂੰ ਕਈ ਹੋਮਿਓਪੈਥ ਹਸਦਾ ਮਖੌਟਾ ਕਹਿੰਦੇ ਹਨ, ਕਈ ਇਸ ਨੂੰ ਕੰਡਿਆਂ ਦਾ ਫੁੱਲ ਦੱਸਦੇ ਹਨ ਤੇ ਕਈ ਪਿੰਜਰ ਦਾ ਝੁੱਲ ਸਮਝਦੇ ਹਨ। ਪਰ ਮੇਰੇ ਲਈ ਇਹ ਕੰਕਾਲ ਉੱਤੇ ਰੁਮਾਲ ਹੈ।

No comments:

Post a Comment

Free Online Bach Flower Health Course (English and Punjabi)

         Instructions:     The purpose of this course is to teach the students the method of batch flower therapy in their leisure time whil...